Accredited with CGPA of 3.37 on four point scale at "A+" grade by NAAC

ਸੈਮੀਨਾਰ/ ਸਮਾਗਮਾਂ ਦਾ ਆਯੋਜਨ
ਫੋਟੋ ਗੈਲਰੀ
ਪ੍ਰੈਸ ਰਿਲੀਜ
  • ਪਟਿਆਲਾ, 1 ਮਈ ਪੰਜਾਬੀ ਯੂਨੀਵਰਸਿਟੀ ਵਿਖੇ ਅਕਾਦਮਿਕ ਸੈਸ਼ਨ 2024-25 ਲਈ ਅੰਡਰਗਰੈਜੂਏਟ (ਯੂ.ਜੀ.), ਯੂ.ਜੀ.-ਪੀ.ਜੀ. ਇੰਟੀਗਰੇਟਿਡ ਅਤੇ ਪੋਸਟ ਗਰੈਜੂਏਟ (ਪੀ.ਜੀ.) ਕੋਰਸਾਂ ਦੇ ਦਾਖਲੇ ਸ਼ੁਰੂ ਹੋ ਗਏ ਹਨ। ਚਾਹਵਾਨ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਮੇਨ ਕੈਂਪਸ ਜਾਂ ਪੰਜਾਬੀ ਨੇਬਰਹੁੱਡ ਕੈਂਪਸਾਂ ਅਤੇ ਰਿਜਨਲ ਸੈਂਟਰਾਂ ਵਿੱਚ ਦਾਖਲਾ ਲੈ ਸਕਦੇ ਹਨ। ਦਾਖਲੇ ਲਈ ਆਨਲਾਈਨ ਪ੍ਰਕਿਰਿਆ ਅਪਣਾਈ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦਾਖਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣੀ ਰਹੇ। ਇਸ ਵਾਰ ਦੀ ਖਾਸੀਅਤ ਇਹ ਹੈ ਕਿ ਇਸ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਚਾਰ ਸਾਲਾ ਬੀ.ਏ.-ਬੀ.ਐੱਡ. ਇੰਟੀਗਰੇਟਿਡ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ। ਚਾਹਵਾਨ ਵਿਦਿਆਰਥੀ ਹੋਰ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ http://www.punjabiuniversity.ac.in/ 'ਤੇ ਵੇਖ ਸਕਦੇ ਹਨ। ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀਆਂ ਨਾਲ਼ ਸੰਬੰਧਤ ਪੋਰਟਲ ਤੱਕ ਪਹੁੰਚਿਆ ਜਾ ਸਕਦਾ ਹੈ ਜਿੱਥੋਂ ਹੋਰ ਵਧੇਰੇ ਹਦਾਇਤਾਂ ਜਾਣਨ ਲਈ ਪ੍ਰਾਸਪੈਕਟਸ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਵਿਦਿਆਰਥੀ 0175-5136522, 5136390 ਜਾਂ ਵਟ੍ਹਸਐਪ ਨੰਬਰ 8264256390 ਰਾਹੀਂ ਵੀ ਸੰਪਰਕ ਕਰ ਸਕਦੇ ਹਨ। ਇਸ ਸੈਸ਼ਨ ਤੋਂ ਹੋਰ ਰਾਜਾਂ ਦੇ ਉਮੀਦਵਾਰ ਵਿਦਿਆਰਥੀਆਂ, ਜਿਨ੍ਹਾਂ ਨੇ ਅੰਡਰਗਰੈਜੂਏਟ ਕੋਰਸਾਂ ਲਈ ਸੀ.ਯੂ.ਈ.ਟੀ. ਦਾਖਲਾ ਟੈਸਟ ਰਾਹੀਂ ਅਪਲਾਈ ਕੀਤਾ ਹੋਵੇ , ਲਈ ਵੀ ਦਾਖਲਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਨੇ ਕਿਹਾ ਕਿ ਕਲਾ ਮਨੁੱਖ ਨੂੰ ਚੰਗਾ ਬਣਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ। ਮਨੁੱਖ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਵੱਲੋਂ ਵਿਸ਼ਵ ਡਾਂਸ ਦਿਵਸ ਦੇ ਸੰਬੰਧ ਵਿੱਚ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਕਲਾ ਨਾਲ ਜੁੜੇ ਲੋਕਾਂ ਦੀ ਸ਼ਖ਼ਸੀਅਤ ਹਮੇਸ਼ਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਜੋ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਵਿਸ਼ਵ ਨਾਚ ਦਿਵਸ ਦੀ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਵੱਲੋਂ ਡਾਂਸ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿੰਨ੍ਹਾਂ ਵਿੱਚ ਕਲਾਸੀਕਲ ਡਾਂਸ ਕਥਕ, ਪੰਜਾਬੀ ਅਤੇ ਹਰਿਆਣਵੀ ਲੋਕ ਨਾਚ ਸ਼ਾਮਿਲ ਸਨ। ਵਿਭਾਗ ਮੁਖੀ ਡਾ. ਸਿਮੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਵਿਸ਼ਵ ਡਾਂਸ ਦਿਵਸ ਦੇ ਇਤਿਹਾਸਕ ਪੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਆਧੁਨਿਕ ਬੈਲੇ ਦੇ ਪਿਤਾਮਾ ਜੀਨ ਜੌਰਜ ਨੈਵੇਰੇ ਦੇ ਜਨਮ ਦਿਨ 29 ਅਪ੍ਰੈਲ ਨੂੰ 1982 ਤੋਂ ਅੰਤਰਰਾਸ਼ਟਰੀ ਨਾਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਚ ਵਿਭਾਗ ਆਪਣੇ ਸਥਾਪਨਾ ਸਮੇਂ ਤੋਂ ਹੀ ਹਰ ਸਾਲ ਇਸ ਦਿਵਸ ਉੱਤੇ ਪ੍ਰੋਗਰਾਮ ਕਰਵਾਉਂਦਾ ਹੈ। ਉਨਾਂ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਪ੍ਰੋਗਰਾਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਵਿਭਾਗ ਵਿੱਚ ਕੰਮ ਕਰਦੇ ਸਾਰੇ ਗੈਸਟ ਫ਼ੈਕਲਟੀ ਅਧਿਆਪਕ ਖੁਦ ਪੇਸ਼ਕਾਰੀਆਂ ਵਿੱਚ ਸ਼ਾਮਿਲ ਹਨ।
  • ਪਟਿਆਲਾ, 30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਕਿਹਾ ਕਿ ਜਦੋਂ ਕਿਸੇ ਆਦਾਰੇ ਦਾ ਇਤਿਹਾਸ ਸ਼ਾਨਦਾਰ ਰਿਹਾ ਹੋਵੇ ਤਾ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਕ ਸ਼ਾਨਦਾਰ ਵਿਰਾਸਤ ਰਹੀ ਹੈ ਅਤੇ ਇਸ ਨੂੰ ਸੰਭਾਲਣ ਲਈ ਭਵਿੱਖ ਵਿੱਚ ਹੋਰ ਬਿਹਤਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 62 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਦਾ ਬੀਜ ਬੀਜਿਆ ਗਿਆ ਸੀ ਅਤੇ ਇਹ ਬੂਟਾ ਹੁਣ ਰੁੱਖ ਬਣ ਗਿਆ ਹੈ। ਇਹ ਹੁਣ ਤੱਕ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ ਛਾਂ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਉਨ੍ਹਾਂ ਸਾਰੇ ਅਧਿਆਪਕਾਂ, ਖੋਜੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ।
  • ਪਟਿਆਲਾ, 29 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦਾ 63ਵਾਂ ਸਥਾਪਨਾ ਦਿਵਸ 30 ਅਪ੍ਰੈਲ 2024 ਨੂੰ ਮਨਾਇਆ ਜਾ ਰਿਹਾ ਹੈ। 1961 ਦੇ ਪੰਜਾਬ ਐਕਟ ਨੰ. 35 ਤਹਿਤ 1962 ਵਿੱਚ ਸਥਾਪਿਤ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਮਿਥਿਆ ਗਿਆ ਸੀ । ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ। ਸਥਾਪਨਾ ਦਿਵਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸਥਾਪਨਾ ਦਿਵਸ ਮੌਕੇ ਉੱਘੇ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਮੁੱਖ ਭਾਸ਼ਣ ਦੇਣਗੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ. ਕੇ. ਯਾਦਵ, ਆਈ. ਏ. ਐੱਸ. ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਪ੍ਰੋਗਰਾਮ ਦੌਰਾਨ ਸਵਾਗਤੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਬੋਲੇ ਜਾਣੇ ਹਨ।
  • ਪਟਿਆਲਾ, 27 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਸ਼ੁਰੂ ਹੋਏ ਪੰਜਾਬ ਇਤਿਹਾਸ ਕਾਨਫ਼ਰੰਸ ਦੇ 54ਵੇਂ ਸੈਸ਼ਨ ਦਾ ਦੂਜਾ ਦਿਨ ਸਫਲਤਾ ਪੂਰਵਕ ਸੰਪੰਨ ਹੋਇਆ ਜਿਸ ਵਿੱਚ ਵੱਖ ਵੱਖ ਮਾਹਰਾਂ ਵੱਲੋਂ ਆਪਣੇ ਵਿਸ਼ਿਆਂ ਉੱਤੇ ਭਾਸ਼ਣ ਦਿੱਤੇ ਗਏ। ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਇਤਿਹਾਸ ਦੇ ਹਵਾਲੇ ਤੋਂ ਪ੍ਰਾਚੀਨ, ਮੱਧਕਾਲੀ, ਆਧੁਨਿਕ ਅਤੇ ਪੰਜਾਬੀ ਸੈਕਸ਼ਨ ਉਲੀਕੇ ਗਏ ਸਨ। ਵੱਖ ਵੱਖ ਸੈਕਸ਼ਨ ਵਿੱਚ ਕੀਤੀ ਗਈ ਵਿਚਾਰ ਚਰਚਾ ਦੌਰਾਨ ਪੰਜਾਬ ਵਿੱਚ ਖੇਤੀ ਅੰਦੋਲਨਾਂ ਦਾ ਮੁੱਢਲੇ ਦੌਰ ਤੋਂ ਲੈ ਕੇ ਸਮਕਾਲੀ ਸਮੇਂ ਤੱਕ ਦੀ ਸਥਿਤੀ ਬਾਰੇ ਗੱਲ ਕੀਤੀ ਗਈ। ਉਲੀਕੇ ਗਏ ਚਾਰੇ ਭਾਗਾਂ ਵਿੱਚ ਭਾਰਤ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਪੰਜਾਬ ਬਾਰੇ ਲਗਭਗ 40 ਪੇਪਰ ਪੇਸ਼ ਕੀਤੇ ਗਏ।
  • ਪਟਿਆਲਾ, 27 ਅਪ੍ਰੈਲ ਚੀਨ ਦੇ ਸ਼ੰਘਾਈ ਵਿਖੇ ਹੋ ਰਹੇ ਤੀਰਅੰਦਾਜ਼ੀ ਵਲਡ ਕੱਪ ਸਟੇਜ-1 ਵਿੱਚ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਟਲੀ ਨੂੰ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ। ਸੋਨ ਤਗ਼ਮਾ ਜਿੱਤਣ ਵਾਲ਼ੀ ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਸ਼ਾਮਿਲ ਹੈ। ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀ ਜੰਮਪਲ ਪਰਨੀਤ ਕੌਰ ਨੇ ਤੀਰਅੰਦਾਜ਼ੀ ਵਲਡ ਕੱਪ ਵਿੱਚ ਇਹ ਪੰਜਵਾਂ ਸੋਨ ਤਗ਼ਮਾ ਜਿੱਤਿਆ ਹੈ। ਉਹ ਹੁਣ ਤੱਕ ਵੀਹ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁਕੀ ਹੈ ਜੋ ਜ਼ਿਆਦਾਤਰ ਸੋਨ ਤਗ਼ਮੇ ਹੀ ਹਨ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਵਿੱਚ ਕੈਡਟ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਯੂਥ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਸੀਨੀਅਰ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਸੋਨ ਤਗ਼ਮਾ, ਏਸ਼ੀਆ ਕੱਪ ਵਿੱਚ ਸੋਨ ਤਗ਼ਮਾ,ਵਲਡ ਕੱਪ ਵਿੱਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿੱਚ ਸੋਨ ਤਗ਼ਮਾ ਸ਼ਾਮਿਲ ਹਨ।
  • ਪਟਿਆਲਾ, 26 ਅਪ੍ਰੈਲ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ. ਕਮਲ ਕਿਸ਼ੋਰ ਯਾਦਵ ਪੰਜਾਬ ਕਾਡਰ ਦੇ 2003 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜੋ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਆਪਣੀ ਜ਼ਿੰਮੇਂਵਾਰੀ ਨਿਭਾਅ ਚੁੱਕੇ ਹਨ। ਉਹ ਪ੍ਰੋ. ਅਰਵਿੰਦ ਦੀ ਥਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਹਨ ਜਿਨ੍ਹਾਂ ਦੀ 25 ਅਪ੍ਰੈਲ ਨੂੰ ਤਿੰਨ ਸਾਲ ਦੀ ਟਰਮ ਪੂਰੀ ਹੋ ਚੁੱਕੀ ਹੈ। ਅੱਜ ਸਵੇਰੇ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਯੂਨੀਵਰਸਿਟੀ ਪਹੁੰਚਣ ’ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਵਿਭਾਗ ਦੇ ਮੁਖੀਆਂ ਨਾਲ ਵੱਖੋ ਵੱਖਰੀਆਂ ਮੀਟਿੰਗ ਕਰਕੇ ਯੂਨੀਵਰਸਿਟੀ ਦੇ ਕੰਮ ਕਾਜ ਦਾ ਜਾਇਜਾ ਲਿਆ।
  • ਪਟਿਆਲਾ, 25 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਆਪਣੇ ਘਰ ਵਾਂਗ ਹੀ ਲੱਗੀ ਹੈ ਅਤੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਯੂਨੀਵਰਸਿਟੀ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਸਣੇ ਸਾਰੇ ਵਰਗਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਦੇ ਕਾਰਨ ਹੀ ਉਹ ਯੂਨੀਵਰਸਿਟੀ ਵਿੱਚ ਆਪਣੀ ਭੂਮਿਕਾ ਨਿਭਾ ਸਕੇ ਹਨ। ਉਹ ਅੱਜ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਉਪਰੰਤ ਸਨਮਾਨ ਵਿੱਚ ਦਿੱਤੀ ਗਈ ਵਿਦਾਇਗੀ ਪਾਰਟੀ ਦੇ ਮੌਕੇ ਸੰਬੋਧਨ ਕਰ ਰਹੇ ਸਨ। ਪ੍ਰੋ. ਅਰਵਿੰਦ ਨੇ ਆਪਣੇ ਦਿਲੀ ਭਾਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਈ. ਆਈ. ਟੀ. ਚੇਨੱਈ ਜਿਹੇ ਦੇਸ਼ ਦੇ ਵੱਕਾਰੀ ਅਦਾਰੇ ਵਿੱਚ ਨੌਕਰੀ ਕਰਦਿਆਂ ਹਮੇਸ਼ਾ ਪੰਜਾਬ ਆਉਣ ਲਈ ਤਾਂਘਦੇ ਸਨ। ਇਸੇ ਖਿੱਚ ਕਾਰਨ ਹੀ ਉਹ ਆਇਸਰ ਮੋਹਾਲੀ ਆਏ ਸਨ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਸਾਲ ਬਿਤਾ ਕੇ ਉਨ੍ਹਾਂ ਨੂੰ ਲੱਗਿਆ ਕਿ ਉਹ ਸੱਚਮੁੱਚ ਹੀ ਮੁੜ ਪੰਜਾਬ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਬਹੁਤ ਹੀ ਵਿਲੱਖਣ ਕਿਸਮ ਦਾ ਅਦਾਰਾ ਹੈ ਜਿਸ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨੇ ਉਨ੍ਹਾਂ ਨੂੰ ਹਰ ਮੁੱਦੇ ਉੱਤੇ ਬੇਬਾਕੀ ਨਾਲ਼ ਆਪਣੀ ਗੱਲ ਰੱਖਣ ਦਾ ਮੰਚ ਪ੍ਰਦਾਨ ਕੀਤਾ। ਇੱਥੇ ਵਿਚਰਦਿਆਂ ਉਨ੍ਹਾਂ ਖੁੱਲ੍ਹ ਕੇ ਨਵੀਂ ਸਿੱਖਿਆ ਨੀਤੀ, ਰੈਂਕਿੰਗ ਪ੍ਰਣਾਲ਼ੀਆਂ ਅਤੇ ਯੂ.ਜੀ.ਸੀ. ਵਰਗੇ ਅਦਾਰਿਆਂ ਦੀਆਂ ਖਾਮੀਆਂ ਬਾਰੇ ਨਿਰਭੈ ਹੋ ਕੇ ਬੋਲੇ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਾਨੂੰ ਬੇਬਾਕੀ ਨਾਲ਼ ਆਪਣੀ ਗੱਲ ਰੱਖਣਾ ਸਿਖਾਉਂਦੀ ਹੈ। ਇੱਕ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਭਾਵੇਂ ਯੂਨੀਵਰਸਿਟੀ ਜਿਹੇ ਅਦਾਰੇ ਆਪਣੇ ਵਿੱਤੀ ਅਤੇ ਪ੍ਰਬੰਧਨੀ ਕਾਰਨਾਂ ਕਰ ਕੇ ਸਰਕਾਰਾਂ ਅਤੇ ਕੇਂਦਰੀ ਰੈਗੂਲੇਟਰੀ ਅਦਾਰਿਆਂ ਨਾਲ਼ ਜੁੜੇ ਹੁੰਦੇ ਹਨ ਪਰ ਇਨ੍ਹਾਂ ਅਦਾਰਿਆਂ ਨੂੰ ਆਪਣੀ ਅਕਾਦਮਿਕ ਅਜ਼ਾਦੀ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਪਾਠਕ੍ਰਮਾਂ ਦੇ ਨਿਰਧਾਰਣ ਤੋਂ ਲੈ ਕੇ ਹੋਰ ਵੱਖ-ਵੱਖ ਅਕਾਦਮਿਕ ਸਰਗਰਮੀਆਂ ਵਿੱਚ ਯੂਨਵਿਰਸਿਟੀਆਂ ਨੂੰ ਆਪਣੀ ਇਸ ਅਜ਼ਾਦੀ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਾਨੂੰ ਇਹੋ ਸਿਖਾਉਂਦੀ ਹੈ। ਨਾਲ਼ ਹੀ ਉਨ੍ਹਾਂ ਭਵਿੱਖ ਵਿੱਚ ਖੋਜ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਗ਼ੈਰ-ਮਿਆਰੀ ਖੋਜ ਸਮਾਜ ਦਾ ਉਲਟਾ ਨੁਕਸਾਨ ਹੀ ਕਰਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਸ ਨੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਵਿੱਚ ਉਨ੍ਹਾਂ ਦੀ ਮਦਦ ਕੀਤੀ।
  • ਪਟਿਆਲਾ, 24 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਲੋਕ ਪੰਜਾਬੀ ਯੂਨੀਵਰਸਿਟੀ ਦੇ ਨਾਲ਼ ਖੜ੍ਹੇ ਰਹਿਣਗੇ ਓਨਾ ਚਿਰ ਇਸ ਦਾ ਭਵਿੱਖ ਰੌਸ਼ਨ ਰਹੇਗਾ ਅਤੇ ਇਸ ਨੂੰ ਕੋਈ ਵੀ ਖਤਰਾ ਪੈਦਾ ਨਹੀਂ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੀ 10ਵੀਂ 'ਅਲੂਮਨੀ ਮੀਟ' ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਿਰਫ਼ ਇੱਕ ਭੂਗੋਲਿਕ ਖਿੱਤਾ ਹੀ ਨਹੀਂ ਬਲਕਿ ਜਿੱਥੇ-ਜਿੱਥੇ ਵੀ ਪੰਜਾਬੀ ਬੋਲਦੇ ਲੋਕ ਵਸਦੇ ਹਨ, ਉਹ ਪੰਜਾਬ ਹੈ। ਇਸ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਅੰਤਰਰਾਸ਼ਟਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਵਿਖੇ ਆਪਣੇ ਤਿੰਨ ਸਾਲ ਦੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇੱਕ ਵਿਲੱਖਣ ਕਿਸਮ ਦੀ ਯੂਨੀਵਰਸਿਟੀ ਹੈ ਜੋ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਲੋਕਾਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਦਰਜਾਬੰਦੀਆਂ ਬਣਾਉਂਦੇ ਸਮੇਂ ਜੇ ਪੇਂਡੂ, ਲੜਕੀਆਂ, ਪੱਛੜੇ ਵਰਗਾਂ ਆਦਿ ਨੂੰ ਸਿੱਖਿਆ ਦੇਣ ਦਾ ਮਾਪਦੰਡ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਸੰਸਾਰ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਵੇਗੀ। ਉਨ੍ਹਾਂ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਵਿੱਚ ਆਪਣੀ ਗੱਲ ਖੁੱਲ੍ਹ ਕੇ ਰੱਖਣ ਦੀ ਅਜ਼ਾਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਹਰ ਕਿਸੇ ਨੂੰ ਆਪਣਾ ਵਿਚਾਰ ਰੱਖਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੰਦੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਅਜਿਹੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਉਠਾਏ ਗਏ ਵੱਖ-ਵੱਖ ਕਦਮਾਂ ਦਾ ਜਿ਼ਕਰ ਕੀਤਾ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਧਾਉਣ ਲਈ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਹਾਲਤ ਵਿੱਚ ਹੋਏ ਸੁਧਾਰ ਦਾ ਹੀ ਨਤੀਜਾ ਹੈ ਕਿ ਇਸ ਵੇਲ਼ੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਬਕਾਇਆ ਨਹੀਂ।
  • ਪਟਿਆਲਾ, 19 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪਾਣੀ, ਧਰਤੀ ਅਤੇ ਹਵਾ ਨੂੰ ਬਚਾਉਣ ਲਈ ਮਨੁੱਖੀ ਸੋਚ ਵਿੱਚ ਪਰਿਵਰਤਨ ਲਿਆਂਦੇ ਜਾਣ ਦੀ ਜ਼ਰੂਰਤ ਹੈ। ਅੱਜ ਕਲਾ ਭਵਨ ਵਿਖੈ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਪੁਸਤਕ ‘ਧਰਤੀ ਦੀ ਵਾਰ’ `ਤੇ ਚਰਚਾ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਜੇ ਅਸੀਂ ਪਾਣੀ, ਧਰਤੀ ਅਤੇ ਹਵਾ ਨੂੰ ਹੋ ਰਹੀ ਦੁਰਦਸ਼ਾ ਤੋਂ ਨਾ ਬਚਾਇਆ ਤਾਂ ਧਰਤੀ ਤੋਂ ਵਿਕਸਿਤ ਜੀਵਾਂ ਦਾ ਅੰਤ ਤਾਂ ਹੋ ਹੀ ਜਾਵੇਗਾ। ਪੁਸਤਕ ਦੇ ਹਵਾਲੇ ਨਾਲ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਨੁੱਖ ਅਤੇ ਇਸ ਵਰਗੇ ਹੋਰ ਜੀਵ ਸਿਰਫ਼ ਸੁੰਤਲਿਤ ਵਾਤਾਵਰਣ ਵਾਲ਼ੇ ਮਾਹੌਲ ਵਿੱਚ ਹੀ ਜਿਉਂਦੇ ਰਹਿ ਸਕਦੇ ਹਨ। ਇਸ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਇਸ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰਨੀ ਚਾਹੀਦੀ ਹੈ। ਪੁਸਤਕ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਸ ਵਿੱਚ ‘ਵਾਰ’ ਵਰਗੀ ਪੁਰਾਣੀ ਵਿਧਾ ਨੂੰ ਲੇਖਕ ਨੇ ਆਪਣੀ ਗੱਲ ਕਹਿਣ ਦੇ ਮਾਧਿਅਮ ਵਜੋਂ ਚੁਣਿਆ ਹੈ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫ਼ੀਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ 12 ਅਪ੍ਰੈਲ 2024 ਨੂੰ ਹੋਈ ਜਨਰਲ ਬਾਡੀ ਮੀਟਿੰਗ ਵਿਚ ਸਰਬਸੰਮਤੀ ਨਾਲ ਅਗਲੀ 2 ਸਾਲ ਲਈ ਸ੍ਰ ਰਾਜਿੰਦਰ ਸਿੰਘ ਜੋਸਨ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਸ੍ਰ ਜਸਪਾਲ ਸਿੰਘ ਕੋਛੜ, ਡਿਪਟੀ ਰਜਿਸਟਰਾਰ (ਰਿਟਾਇਰਡ) ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹਨਾਂ ਨੇ ਸ਼੍ਰੀ ਰਾਜਿੰਦਰ ਕੁਮਾਰ ਰੋਹੀਲਾ , ਸਹਾਇਕ ਰਜਿਸਟਰਾਰ (ਰਿਟਾਇਰਡ) ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਹਿਤ ਕਰਵਾਈ ਜਾ ਰਹੀ ‘ਅਲੂਮਨੀ ਮੀਟ’ ਨੂੰ ਪੂਰੀ ਤਰ੍ਹਾਂ ਯਾਦਗਾਰ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਹਫ਼ਤੇ ਆਨਲਾਈਨ ਅਤੇ ਅਗਲੇ ਹਫ਼ਤੇ ਆਫਲਾਈਨ ਕਰਵਾਈ ਜਾ ਰਹੀ ਅਲੂਮਨੀ ਮੀਟ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਨਾਲ਼ ਭਾਵੁਕ ਸਾਂਝਾਂ ਜੁੜੀਆਂ ਹੁੰਦੀਆਂ ਹਨ। ਇਸ ਕਰ ਕੇ ਇਸ ਦੇ ਪ੍ਰਬੰਧ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਨੇ ਇਸ ਵਿੱਚ ਵੱਧ ਤੋਂ ਵੱਧ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ। ਜਿ਼ਕਰਯੋਗ ਹੈ ਕਿ ਆਨਲਾਈਨ ਅਲੂਮਨੀ ਮੀਟ 20 ਅਪ੍ਰੈਲ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਵਿਦੇਸ਼ਾਂ ਅਤੇ ਦੂਰ ਦਰਾਜ ਵਿੱਚ ਰਹਿਣ ਵਾਲ਼ੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਿੱਸਾ ਲੈ ਸਕਣਗੇ। ਆਫ਼ਲਾਈਨ ਅਲੂਮਨੀ ਮੀਟ 24 ਅਪ੍ਰੈਲ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਈ ਜਾਵੇਗੀ। ਇਸ ਦੌਰਾਨ ਇੱਕ ਸੱਭਿਆਚਾਰਿਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਈ ਕਸੌਲੀ ਦੀ ਯਾਤਰਾ ਕਰਵਾਈ ਗਈ। ਵਿਭਾਗ ਦੇ ਅਧਿਆਪਕਾਂ ਡਾ. ਮੁਖਦੀਪ ਸਿੰਘ ਮਾਨਸ਼ਾਹੀਆ ਅਤੇ ਡਾ. ਰੁਪਾਲੀ ਨੇ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਕਸੌਲੀ ਅਤੇ ਇਸ ਦੇ ਨੇੜਲੀਆਂ ਥਾਵਾਂ ਤੋਂ ਇਲਾਵਾ ਰਸਤੇ ਵਿੱਚ ਆਉਣ ਵਾਲੇ ਵੱਖ-ਵੱਖ ਸਥਾਨਾਂ ਉੱਤੇ ਵੀ ਆਨੰਦ ਮਾਣਿਆ। ਯਾਤਰਾ ਦੌਰਾਨ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਦਰਸ਼ਨ ਵੀ ਕੀਤੇ ਗਏ। ਵਿਭਾਗ ਮੁਖੀ ਡਾ. ਪਰਵੀਨ ਲਤਾ ਵੱਲੋਂ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ ਗਈ। ਇਸ ਯਾਤਰਾ ਦਾ ਪ੍ਰਬੰਧ ਵਿਭਾਗ ਦੇ ‘ਯੁਵਾ ਟੂਰਿਜ਼ਮ ਕਲੱਬ’ ਵੱਲੋਂ ਕੀਤਾ ਗਿਆ।
  • ਪਟਿਆਲਾ, 18 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਪੰਜਾਬੀ ਗ਼ਜ਼ਲਗੋ ਡਾ. ਸ਼ਮਸ਼ੇਰ ਮੋਹੀ ਦਾ ਰੂ-ਬ-ਰੂ ਕਰਵਾਇਆ ਗਿਆ। ਵਰਲਡ ਪੰਜਾਬੀ ਸੈਂਟਰ ਵਿਖੇ ਕਰਵਾਏ ਇਸ ਸਮਾਗਮ ਵਿੱਚ ਡਾ. ਸ਼ਮਸ਼ੇਰ ਮੋਹੀ ਨੇ ਆਪਣੇ ਨਿੱਜੀ ਜੀਵਨ, ਗ਼ਜ਼ਲ ਸਿਰਜਣ ਪ੍ਰਕਿਰਿਆ ਅਤੇ ਖੋਜ-ਅਲੋਚਨਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਗ਼ਜ਼ਲ ਨਾਲ਼ ਸੰਬੰਧਤ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਡਾ. ਸ਼ਮਸ਼ੇਰ ਮੋਹੀ ਪੰਜਾਬੀ ਦਾ ਇੱਕ ਸਮਰੱਥ ਗ਼ਜ਼ਲਕਾਰ ਹੈ। ਉਹ ਗ਼ਜ਼ਲ ਦੇ ਉਨ੍ਹਾਂ ਚੰਦ ਸ਼ਾਇਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਨਵੇਂ ਨਕਸ਼ ਪ੍ਰਦਾਨ ਕੀਤੇ ਹਨ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਭਾਗ ਦੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਬਾਕੀ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਵਾਗਤੀ ਭਾਸ਼ਣ ਦਿੱਤਾ। ਮੰਚ ਸੰਚਾਲਨ ਦਾ ਕਾਰਜ ਵਿਭਾਗ ਦੇ ਅਧਿਆਪਕ ਡਾ. ਮੋਹਨ ਤਿਆਗੀ ਨੇ ਕੀਤਾ।
  • ਪਟਿਆਲਾ, 17 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਦੇਵਦਰਸ਼ ਸਿੰਘ ਨੂੰ ਸਿਵਿਲ ਸਰਵਿਸਜ਼ ਪ੍ਰੀਖਿਆ 2023 ਵਿੱਚ ਬਾਜ਼ੀ ਮਾਰਨ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਦੇਵਦਰਸ਼ ਸਿੰਘ ਦੀ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਐਲਾਨਦਿਆਂ ਕਿਹਾ ਕਿ ਅਜਿਹਾ ਹੋਣ ਨਾਲ਼ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਅਦਾਰੇ ਦੀ ਕਾਰਗੁਜ਼ਾਰੀ ਅਤੇ ਗੁਣਵੱਤਾ ਦੇ ਪ੍ਰਮਾਣ ਬਣਦੀਆਂ ਹਨ। ਅਦਾਰਾ ਆਪਣੇ ਅਜਿਹੇ ਹੋਣਹਾਰ ਵਿਦਿਆਰਥੀਆਂ ਉੱਤੇ ਸਦਾ ਹੀ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਦੇਵਦਰਸ਼ ਸਿੰਘ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਰਿਵਾਰ ਵਿੱਚ ਇਹ ਪ੍ਰਾਪਤੀ ਹੋਰ ਵੀ ਖੁਸ਼ੀ ਲੈ ਕੇ ਆਈ ਹੈ ਕਿਉਂਕਿ ਉਸ ਦੇ ਮਾਪੇ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਦੋਨੋਂ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਹੁਦਿਆਂ ਉੱਤੇ ਸੇਵਾਵਾਂ ਨਿਭਾ ਰਹੇ ਹਨ। ਉੱਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਦੇਵਦਰਸ਼ ਸਿੰਘ ਦੀ ਇਸ ਪ੍ਰਾਪਤੀ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਅਕਾਦਮਿਕ ਮਾਹੌਲ ਦਾ ਵੀ ਭਰਪੂਰ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਦੇਵਦਰਸ਼ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਤੋਂ ਹੀ ਹਾਸਲ ਕੀਤੀ ਹੈ। ਉਹ ਅੱਠਵੀਂ ਜਮਾਤ ਤੱਕ ਇੱਥੇ ਪੜ੍ਹਦੇ ਰਹੇ ਹਨ। ਯੂਨੀਵਰਸਿਟੀ ਦੀ ਲਾਇਬਰੇਰੀ, ਰੀਡਿੰਗ ਰੂਮ ਅਤੇ ਕੈਂਪਸ ਦੀਆਂ ਹੋਰ ਵੱਖ-ਵੱਖ ਥਾਵਾਂ ਉੱਤੇ ਵਿਚਰਦਿਆਂ ਦੇਵਦਰਸ਼ ਨੂੰ ਗਹਿਨ ਅਧਿਐਨ ਕਰਨ ਦੀ ਚੇਟਕ ਲੱਗੀ ਹੈ ਜਿਸ ਸਦਕਾ ਉਹ ਮੁਕਾਮ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਸਕੇ। ਵਰਨਣਯੋਗ ਹੈ ਕਿ ਆਲ ਇੰਡੀਆ 340ਵੇਂ ਰੈਕ ਨਾਲ਼ ਇਹ ਨਤੀਜਾ ਪਾਸ ਕਰਨ ਵਾਲ਼ੇ ਦੇਵਦਰਸ਼ ਸਿੰਘ 2020 ਬੈਚ ਦੇ ਪੀ.ਸੀ.ਐੱਸ. ਅਫ਼ਸਰ ਹਨ ਜੋ ਕਿ ਮੌਜੂਦਾ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਵਿਖੇ ਸਕੱਤਰ (ਪ੍ਰੀਖਿਆਵਾਂ) ਵਜੋਂ ਕਾਰਜਸ਼ੀਲ ਹਨ।
  • ਪਟਿਆਲਾ, 16 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵਰਤੋਂ ਕੀਤੇ ਜਾਣ ਨਾਲ ਹੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਵਿਕਸਤ ਨਾ ਹੋਈ ਹੋਣ ਦਾ ਬਹਾਨਾ ਛੱਡਣਾ ਚਾਹੀਦਾ ਹੈ ਅਤੇ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਅੰਗੇਰਜ਼ੀ ਵਿਭਾਗ ਵੱਲੋਂ ਆਰੰਭ ਕੀਤੀ ਗਈ ‘ਬਲਰਾਜ ਸਾਹਨੀ ਯਾਦਗਾਰੀ ਭਾਸ਼ਣ’ ਲੜੀ ਦੇ ਪਹਿਲੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਅਰਵਿੰਦ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਘੇ ਫਿਲਮੀ ਕਾਲਾਕਾਰ ਅਤੇ ਸਾਹਿਤਕਾਰ ਬਲਰਾਜ ਸਾਹਨੀ ਨੇ ਆਪਣੀ ਮਾਂ ਭਾਸ਼ਾ ਵੱਲ ਮੋੜਾ ਕੱਟ ਕੇ ਉਚਕੋਟੀ ਦਾ ਸਾਹਿਤ ਲਿਖਿਆ ਜਿਸ ਦੀ ਅੱਜ ਵੀ ਬਹੁਤ ਪ੍ਰਸੰਗਿਕਤਾ ਹੈ। ਬਲਰਾਜ ਸਾਹਨੀ ਦੀ ਰਬਿੰਦਰ ਨਾਥ ਟੈਗੋਰ ਨਾਲ ਹੋਈ ਮੁਲਾਕਾਤ ਜ਼ਿਕਰ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਰਬਿੰਦਰ ਨਾਥ ਟੈਗੋਰ ਦੀ ਪ੍ਰੇਰਣਾ ਸਦਕਾ ਹੀ ਬਲਰਾਜ ਸਾਹਨੀ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਬਲਰਾਜ ਸਾਹਨੀ ਨੇ ਵੀ ਇਸ ਮੁੁਲਾਕਾਤ ਦੌਰਾਨ ਰਬਿੰਦਰ ਨਾਲ ਟੈਗੋਰ ਨੂੰ ਪੰਜਾਬੀ ਭਾਸ਼ਾ ਦੇ ਘੱਟ ਵਿਕਸਤ ਹੋਣ ਦਾ ਤਰਕ ਦਿੱਤਾ ਸੀ ਪਰ ਰਬਿੰਦਰ ਨਾਲ ਟੈਗੋਰ ਵੱਲੋਂ ਆਪਣੀ ਗੱਲ ਠੋਸ ਤਰੀਕੇ ਨਾਲ ਰੱਖਣ ਕਰਕੇ ਬਲਰਾਜ ਸਾਹਨੀ ਨੇ ਮਾਂ ਭਾਸ਼ਾ ਵੱਲ ਮੋੜਾ ਕੱਟਿਆ ਅਤੇ ਵਧੀਆ ਸਾਹਿਤ ਦੀ ਸਿਰਜਣਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਰਾਹੀਂ ਹੀ ਆਪਣੇ ਭਾਵਾਂ ਨੂੰ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ।
  • ਪਟਿਆਲਾ, 15 ਅਪ੍ਰੈਲ ਖਤਰਨਾਕ ਸੋਫਟਵੇਅਰ ਰੈਨਸਮ ਵੇਅਰ ਦੇ ਨਾਲ ਨਿਪਟਣ ਲਈ ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਖੋਜਾਰਥੀ ਭਗਵੰਤ ਸਿੰਘ ਅਤੇ ਸਹਾਇਕ ਪ੍ਰੋਫੈਸਰ, ਡਾਕਟਰ ਸਿਕੰਦਰ ਸਿੰਘ ਚੀਮਾ ਨੇ ਇੱਕ ਡਿਜ਼ਾਇਨ ਨੂੰ ਪੇਟੈਂਟ ਕਰਾਇਆ ਹੈ। ਇਹ ਡਿਜ਼ਾਇਨ ਯੰਤਰ ਰੈਨਸਮ ਵੇਅਰ ਹਮਲੇ ਨੂੰ ਰੋਕਦਾ ਹੈ, ਉਸ ਬਾਰੇ ਜਾਣਕਾਰੀ ਲੈਂਦਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਰੈਨਸਮ ਵੇਅਰ ਇੱਕ ਖਤਰਨਾਕ ਸੋਫਟਵੇਅਰ ਹੈ, ਜੋ ਕਿ ਕੰਪਿਊਟਰ ਵਿੱਚਲੀਆ ਫਾਈਲਾਂ ਅਤੇ ਡਾਟਾ ਨੂੰ ਇਨਕ੍ਰਿਪਟ ਕਰ ਦਿੰਦਾ ਹੈ। ਰੈਨਸਮ ਵੇਅਰ ਫਾਈਲਾਂ ਤੇ ਡਾਟਾ ਨੂੰ ਨਾ ਵਰਤਨਯੋਗ ਬਨਾਉਂਦਾ ਹੈ। ਜੇਕਰ ਉਪਭੋਗਤਾ ਨੂੰ ਆਪਣਾ ਡੇਟਾ ਜਾਂ ਆਪਣੀਆਂ ਫਾਈਲਾਂ ਚਾਹੀਦੀਆਂ ਹਨ ਤਾਂ ਉਸ ਨੂੰ ਰੈਨਸਮ ਵੇਅਰ ਨਾਮ ਦਾ ਵਾਇਰਸ ਨੂੰ ਹਟਵਾਉਣ ਲਈ ਪੈਸੇ ਦੇਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਰੈਨਸਮ ਵੇਅਰ ਇੱਕ ਬਹੁਤ ਹੀ ਘਾਤਕ ਸੋਫਟਵੇਅਰ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੇ ਵੱਡੇ ਜਾਂ ਛੋਟੇ ਕੰਪਿਊਟਰ ਨੂੰ ਖਰਾਬ ਕਰ ਦਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੰਪਿਊਟਰ ਦਾ ਅਸਲ ਮਾਲਕ ਆਪਣੀ ਕਿਸੇ ਵੀ ਫਾਈਲ ਜਾਂ ਡੇਟਾ ਨੂੰ ਵਰਤ ਨਹੀਂ ਸਕਦਾ। ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰੈਨਸਮ ਵੇਅਰ ਸਾਰੀਆਂ ਹੀ ਫਾਈਲਾਂ ਦੀ ਐਕਸਟੈਂਸ਼ਨ ਬਦਲ ਦਿੰਦਾ ਹੈ। ਰੈਨਸਮ ਵੇਅਰ ਇੱਕ ਬਹੁਤ ਹੀ ਤੇਜ ਨਾਲ ਫੈਲਣ ਵਾਲਾ ਸੋਫਟਵੇਅਰ ਜਾਂ ਵਾਇਰਸ ਹੈ ਅਤੇ ਇਹ ਦੁਨੀਆ ਭਰ ਦੇ ਵਿਦਿਆਰਥੀ, ਖੋਜਾਰਥੀਆਂ, ਅਤੇ ਸੰਸਥਾਵਾਂ ਲਈ ਬਹੁਤ ਹੀ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਡਾ. ਚੀਮਾ ਅਤੇ ਖੋਜਾਰਥੀ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਯੰਤਰ ਦਾ ਡਿਜ਼ਾਇਨ ਪੇਟੈਂਟ ਕਰਵਾਇਆ ਹੈ ਜਿਹੜਾ ਯੰਤਰ ਰੈਨਸਮ ਵੇਅਰ ਦੇ ਹਮਲੇ ਨੂੰ ਰੋਕਦਾ ਹੈ, ਤੇ ਉਸ ਬਾਰੇ ਜਾਣਕਾਰੀ ਲੈਂਦਾ ਹੈ। ਇਹ ਰੈਨਸਮ ਵੇਅਰ ਹਮਲੇ ਦੀ ਜਾਣਕਾਰੀ ਉਪਭੋਗਤਾ ਨੂੰ ਦਿੰਦਾ ਹੈ। ਇਹ ਯੰਤਰ ਕੰਪਿਊਟਰ ਖਰਾਬ ਹੋਣ ਤੋਂ ਬਾਅਦ ਉਪਭੋਗਤਾ ਨੂੰ ਬਚਾਵ ਕਾਰਜਾਂ ਬਾਰੇ ਦੱਸਦਾ ਹੈ। ਇਹ ਕੰਪਿਊਟਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇ ਭਵਿਖ ਵਿਚ ਕੋਈ ਉਸ ਕੰਪਿਊਟਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਹਮਲੇ ਨੂੰ ਰੋਕਣ ਵਿਚ ਇਹ ਯੰਤਰ ਮਦਦ ਕਰੇਗਾ।
  • ਪਟਿਆਲਾ, 15 ਅਪ੍ਰੈਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਵੇਂ ਸੈਸ਼ਨ 2024-25 ਤੋਂ ਚਾਰ ਸਾਲਾ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈ. ਟੀ. ਈ. ਪੀ.) ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਸ਼ੁਰੂ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਨੂੰ 50 ਵਿਦਿਆਰਥੀਆਂ ਦੇ ਦਾਖਲੇ ਨਾਲ਼ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਈ.), ਨਵੀਂ ਦਿੱਲੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ। ਜਿ਼ਕਰਯੋਗ ਹੈ ਕਿ ਆਈ.ਟੀ.ਈ.ਪੀ. ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਐੱਨ. ਸੀ. ਟੀ. ਈ. ਦਾ ਫਲੈਗਸਿ਼ਪ ਪ੍ਰੋਗਰਾਮ ਹੈ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਵਿਦਿਆਰਥੀ ਇਸ ਵਿੱਚ ਦਾਖਲਾ ਲੈ ਕੇ ਇੱਕ ਸਾਲ ਦੀ ਬੱਚਤ ਕਰ ਸਕਣਗੇ ਕਿਉਂਕਿ ਉਹ ਕੋਰਸ ਨੂੰ ਚਾਰ ਸਾਲਾਂ ਵਿੱਚ ਪੂਰਾ ਕਰ ਲੈਣਗੇ। ਮੌਜੂਦਾ ਬੀ.ਐੱਡ ਅਨੁਸਾਰ ਪੰਜ ਸਾਲ ਦੇ ਸਮੇਂ ਦੀ ਲੋੜ ਹੈ।
  • ਪਟਿਆਲਾ, 3 ਮਾਰਚ- ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਆਪਣੇ ਵੱਖ-ਵੱਖ ਕੋਰਸਾਂ, ਸਹੂਲਤਾਂ ਅਤੇ ਸੇਵਾਵਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ 'ਇੰਡਕਸ਼ਨ ਪ੍ਰੋਗਰਾਮ' ਕਰਵਾਇਆ ਜਾ ਰਿਹਾ ਹੈ। ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਡਿਸਟੈਂਸ ਐਜੂਕੇਸ਼ਨ ਬਿਊਰੋ ਦੁਆਰਾ ਪ੍ਰਵਾਨਿਤ ਬੀ.ਏ., ਬੀ.ਲਿਬ., ਬੀ.ਕਾਮ ਅਤੇ ਐੱਮ.ਏ. ਅੰਗਰੇਜ਼ੀ, ਐੱਮ.ਏ. ਐਜੂਕੇਸ਼ਨ, ਐੱਮ.ਬੀ.ਏ. ਅਤੇ ਮਾਸਟਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਪਹਿਲੇ ਸਾਲ (ਸਮੈਸਟਰ ਪਹਿਲਾ) ਦੇ ਦਾਖਲੇ ਇਨ੍ਹੀਂ ਦਿਨੀਂ ਕੇਂਦਰ ਵਿਖੇ ਜਾਰੀ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖਲੇ 31 ਮਾਰਚ 2024 ਤੱਕ ਹੋਣਗੇ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ www.pbidde.org 'ਤੇ ਦਿੱਤੀ ਗਈ ਹੈ।
  • ਪਟਿਆਲਾ, 1 ਮਾਰਚ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਬਸੰਤ ਰਾਗ ਦਰਬਾਰ ਤਹਿਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ, ਬੀਬੀ ਸਤਵੰਤ ਕੌਰ ਅਤੇ ਭਾਈ ਗੁਰਸੇਵਕ ਸਿੰਘ ਦੇ ਜੱਥਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਦੇ ਮੋਢੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਵਰਣਨਯੋਗ ਹੈ ਕਿ ਬੀਬੀ ਜੀ ਦੇ ਵਿੱਤੀ ਸਹਿਯੋਗ ਨਾਲ ਵਿਸ਼ਵ ਵਿਚ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਵਿਖੇ ‘ਗੁਰਮਤਿ ਸੰਗੀਤ ਚੇਅਰ’ ਦੀ ਸਥਾਪਨਾ 2003 ਵਿਚ ਕੀਤੀ ਗਈ ਸੀ। ਸਮਾਰੋਹ ਦੌਰਾਨ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ, ਸ. ਅਮਰਜੀਤ ਸਿੰਘ ਘੁੰਮਣ, ਚੀਫ਼ ਸੁਰੱਖਿਆ ਅਫ਼ਸਰ, ਡਾ. ਨਿਵੇਦਿਤਾ ਸਿੰਘ, ਡਾ. ਜਤਿੰਦਰ ਸਿੰਘ ਮੱਟੂ ਅਤੇ ਉਤਸਵ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵੱਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
  • ਪਟਿਆਲਾ, 28 ਫਰਵਰੀ ‘‘ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ। ਅਜਿਹਾ ਚਰਿੱਤਰ ਜੋ ਇਮਾਨਦਾਰੀ ਅਤੇ ਲਗਨ ਦੇ ਬਲਬੂਤੇ ਆਪਣੀ ਸ਼ਖ਼ਸੀਅਤ ਨੂੰ ਚਮਕਾਵੇ ਅਤੇ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਭਰਪੂਰ ਪਾਵੇ।’’ ਇਹ ਵਿਚਾਰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਪੀ-ਐੱਚ.ਡੀ. ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗਾ ਚਰਿੱਤਰ ਹੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਵਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਦੇ ਨਿਰਮਾਣ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਆਪਣੀ ਸਥਾਪਨਾ ਦੇ ਮੰਤਵ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਪਾਸਾਰ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਚਿੰਤਨ ਪੱਖੋ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜੀਵਨ ਅਤੇ ਦਰਸ਼ਨ ਦੇ ਹਵਾਲਿਆਂ ਨਾਲ ਸਾਦੀ ਅਤੇ ਇਮਾਨਦਾਰੀ ਭਰਪੂਰ ਜੀਵਨ ਸ਼ੈਲੀ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
  • ਪਟਿਆਲਾ, 27 ਫਰਵਰੀ- ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਕਮਲਜੀਤ ਸਿੰਘ ਟਿੱਬਾ ਦੀ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ 'ਪੰਜਾਬੀ ਗੀਤ ਸ਼ਾਸਤਰ' 'ਤੇ ਵਿਚਾਰ ਚਰਚਾ ਕਰਵਾਈ ਗਈ। ਇਹ ਵਿਚਾਰ ਚਰਚਾਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਹੋਈ। ਇਹ ਪੁਸਤਕ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਖੋਜ ਪ੍ਰੋਜੈਕਟ ਸੀ ਜਿਸ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਰਸਕਾਰ ਦਿੱਤਾ ਗਿਆ ਹੈ। ਵਿਭਾਗ ਮੁਖੀ ਡਾ. ਪਰਮੀਤ ਕੌਰ ਵੱਲੋਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਰਸਮੀ ਸਵਾਗਤ ਕੀਤਾ ਗਿਆ।
  • ਪਟਿਆਲਾ, 26 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਲੜੀ ਵਿੱਚ ਪ੍ਰੋ. ਵੰਦਨਾ ਸ਼ਰਮਾ ਦਾ ਭਾਸ਼ਣ ਕਰਵਾਇਆ ਗਿਆ। ਉਨ੍ਹਾਂ ਭਾਵਨਾਵਾਂ ਉੱਤੇ ਨਿਯੰਤਰਣ ਪਾਉਣ ਸੰਬੰਧੀ ਵੱਖ-ਵੱਖ ਮਨੋਵਿਗਿਆਨਕ ਤਕਨੀਕਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਕਿਰਤ ਅਤੇ ਮਿਹਨਤ ਕਰਨ ਨਾਲ਼ ਸਿਰਫ਼ ਸਰੀਰਿਕ ਸਿਹਤ ਹੀ ਤੰਦਰੁਸਤ ਨਹੀਂ ਰਹਿੰਦੀ ਬਲਕਿ ਮਾਨਸਿਕ ਸਿਹਤ ਵੀ ਦਰੁਸਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਚੇ ਮਨੋਂ ਆਪਣੇ ਕੰਮ ਅਤੇ ਰੁਝੇਵਿਆਂ ਵਿੱਚ ਜੁਟ ਕੇ ਰਹਿਣਾ ਚਾਹੀਦਾ ਹੈ ਜਿਸ ਨਾਲ਼ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
  • ਪਟਿਆਲਾ, 24 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਿਲੌਂਗ, ਕੋਹਿਮਾ ਅਤੇ ਮਿਜ਼ੋਰਮ ਵਿੱਚ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023' ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ਿਲੌਂਗ ਵਿਖੇ ਤੀਰਅੰਦਾਜ਼ੀ ਦੇ ਖੇਤਰ ਵਿੱਚ ਇੱਕ ਸੋਨ ਤਗ਼ਮਾ ਇੱਕ ਚਾਂਦੀ ਤਗ਼ਮਾ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਯੂਨੀਵਰਸਿਟੀ ਤੋਂ ਤੀਰਅੰਦਾਜ਼ ਪਵਨ ਨੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਰਿਕਵਰ ਪੁਰਸ਼ ਟੀਮ, ਜਿਸ ਵਿੱਚ ਜਸਵਿੰਦਰ, ਰੌਬਿਨ, ਦਲੀਪ ਅਤੇ ਪਵਨ ਸ਼ਾਮਿਲ ਸਨ, ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਰਿਕਵਰ ਮਹਿਲਾ ਟੀਮ, ਜਿਸ ਵਿੱਚ ਕਿ ਤਨੀਸ਼ਾ ਵਰਮਾ, ਗੁਰਮੇਹਰ ਕੌਰ, ਹਰਪ੍ਰੀਤ ਕੌਰ ਅਤੇ ਸ਼ਵੇਤਾ ਸ਼ਾਮਿਲ ਸਨ, ਕਾਂਸੀ ਦਾ ਤਗਮਾ ਜਿੱਤਿਆ। ਜਸਵਿੰਦਰ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਦਾ ਤਗ਼ਮਾ ਜਿੱਤਿਆ। ਯੂਨੀਵਰਸਿਟੀ ਦੀ ਕੰਪਾਊਂਡ ਮਿਕਸ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਿਆ ਨੇ ਚੌਥਾ ਸਥਾਨ ਹਾਸਲ ਕੀਤਾ।
  • ਪਟਿਆਲਾ 23 ਫਰਵ- ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਦੀ ਮਦਦ ਨਾਲ ਖਰੀਦੀ ਗਈ ਬੱਸ ਨੂੰ ਅੱਜ ਸਾਦੇ ਪ੍ਰਭਾਵੀ ਸਮਾਗਮ ਦੌਰਾਨ ਹਰੀ ਝੰਡੀ ਦਿੱਤੀ। ਇਹ ਬੱਸ ਯੂਨੀਵਰਸਿਟੀ ਦੇ ਫਿਜੀਓਥਰੈਪੀ ਵਿਭਾਗ ਦੀਆਂ ਲੋੜਾਂ ਵਾਸਤੇ ਖਰੀਦੀ ਗਈ ਹੈ। ਫਿਜੀਓਥਰੈਪੀ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਬੱਸ 19,06,322 ਰੁਪਏ ਦੀ ਖਰੀਦੀ ਗਈ ਹੈ। ਇਸ ਵਾਸਤੇ ਐਸ.ਬੀ.ਆਈ. ਵੱਲੋਂ 15 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਬੱਸ ਫਿਜੀਓਥਰੈਪੀ ਕੈਂਪਾਂ ਅਤੇ ਵਿਭਾਗ ਦੀਆਂ ਲੋੜਾਂ ਲਈ ਮਦਦਗਾਰ ਹੋਵੇਗੀ।
  • ਪਟਿਆਲਾ, 23 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਐਨ.ਐਸ.ਐਸ. ਵਲੰਟਰੀਆਂ ਨੂੰ ਸਮਾਜ ਵਿੱਚ ਬਦਲਾਅ ਲਿਆਉਣ ਵਾਲੇ ਹੋਰਨਾ ਕਾਰਜਾਂ ਨਾਲ ਵੀ ਜੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ, ਪੌਦੇ ਲਾਉਣ, ਨਸ਼ਾ ਮੁਕਤੀ ਲਹਿਰ ਵਿੱਚ ਸਰਗਰਮੀ ਆਦਿ ਵਰਗੇ ਕਈ ਖੇਤਰਾਂ ਦੀ ਸ਼ਨਾਖਤ ਕੀਤੀ। ਅੱਜ ਇਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਅੱਠਵੀਂ ਐਨ.ਐਸ.ਐਸ. ਯੂਵਾ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਐਨ.ਐਸ.ਐਸ. ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਨਾਲ ਪੈਦਾ ਕਰਨ ਤੋਂ ਇਲਾਵਾ ਆਮ ਲੋਕਾਂ ਦੀ ਵਲੰਟੀਅਰੀ ਤੌਰ ’ਤੇ ਮਦਦ ਤੇ ਭਲਾਈ ਕਰਨ ਲਈ ਵੀ ਪ੍ਰੇਰਤ ਕਰਦੀ ਹੈ। ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ ਨਾਲ ਸਮੁੱਚਾ ਵਿਕਾਸ ਯਕੀਨੀ ਬਣਦਾ ਹੈ ਅਤੇ ਉਸ ਵਿੱਚ ਦਿਆਨਤਦਾਰੀ, ਦਿਆਲੂਪਨ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੌਰਾਨ ਪ੍ਰੋ. ਅਰਵਿੰਦ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਐਨ.ਐਸ.ਐਸ. ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਹੋਣ ਦੀ ਸਰਗਰਮ ਹੋਣ ਦੀ ਸਲਾਹ ਦਿੱਤੀ।
  • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਸਾਹਿਤਕਾਰ ਡਾ. ਸੁਖਵਿੰਦਰ ਕੌਰ ਬਾਠ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਨ੍ਹਾਂ 'ਪੰਜਾਬੀ ਲੋਕ ਅਤੇ ਮਾਂ ਬੋਲੀ' ਵਿਸ਼ੇ ਉੱਤੇ ਭਾਸ਼ਣ ਦਿੱਤਾ। ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
  • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਵਾਇਆ ਗਿਆ। ਸੰਨੀ ਓਬਰਾਏ ਆਰਟਸ ਆਡੀਟੋਰਿਅਮ ਵਿਖੇ ਲਗਾਏ ਇਸ ਕੈਂਪ ਦੌਰਾਨ 151 ਵਲੰਟੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਖੂਨਦਾਨ ਕੈਂਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਵਲੰਟੀਅਰਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ਼ ਸ਼ਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ ਸਗੋਂ ਨਵਾਂ ਖੂਨ ਬਣਨ ਵਿੱਚ ਮਦਦ ਹੁੰਦੀ ਹੈ। ਅਜਿਹਾ ਕਰ ਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।
  • ਪਟਿਆਲਾ, 21 ਫਰਵਰੀ ਜੇ ਪੰਜਾਬੀ ਮਾਧਿਅਮ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਇਸ ਸੰਬੰਧੀ ਲੋੜੀਂਦੀਆਂ ਕਿਤਾਬਾਂ ਅਤੇ ਹੋਰ ਪੜ੍ਹਨ-ਸਮੱਗਰੀ ਤਿਆਰ ਕਰ ਕੇ ਦੇਣ ਲਈ ਤਿਆਰ ਹੈ। ਉਪ-ਕੁਲਪਤੀ ਪ੍ਰੋੋ. ਅਰਵਿੰਦ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਗਿਆਨੀ ਲਾਲ ਸਿੰਘ ਲੈਕਚਰ ਲੜੀ’ ਅਧੀਨ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਇਹ ਸ਼ਬਦ ਕਹੇ। ਗੂਗਲ ਵੱਲੋਂ ਆਪਣੇ ਏ.ਆਈ. ਚੈਟਬੌਕਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਾ ਕਰਨ ਸੰਬੰਧੀ ਅੱਜਕਲ੍ਹ ਭਖੇ ਹੋਏ ਮਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਸਾਨੂੰ ਗੂਗਲ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰੇ ਵੱਲ ਵੇਖਣ ਦੀ ਬਜਾਏ ਆਪਣਾ ਵੱਖਰਾ ਓਪਨ-ਸੋਰਸ ਚੈਟ ਬੌਕਸ ਹੀ ਤਿਆਰ ਕਰ ਲੈਣਾ ਚਾਹੀਦਾ ਹੈ। ਜੇ ਇਸ ਸੰਬੰਧੀ ਲੋੜੀਂਦੇ ਫੰਡ ਉਪਲਬਧ ਹੋਣ ਤਾਂ ਇਹ ਕੋਈ ਅਸੰਭਵ ਗੱਲ ਨਹੀਂ ਹੈ।
  • 9 ਫਰਵਰੀ, 2024- ਪੰਜਾਬੀ ਯੂਨੀਵਰਸਿਟੀ ਦੇ ਪ੍ਰਾਣੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ। ‘ਸਿਹਤ ਅਤੇ ਰੋਗ’ ਵਿਸ਼ੇ ਉੱਤੇ ਇਹ ਭਾਸ਼ਣ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਮਰਦੀਪ ਗਰਗ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਇਸ ਭਾਸ਼ਣ ਦੌਰਾਨ ਅੱਜ ਦੇ ਮਨੁੱਖ ਦੀ ਜੀਵਨ ਸ਼ੈਲੀ ਅਤੇ ਕਾਰਪੋਰੇਟ ਸੰਸਾਰ ਦੀਆਂ ਸਾਜਿ਼ਸ਼ਾਂ ਨੂੰ ਮਨੁੱਖੀ ਸਿਹਤ ਨਾਲ਼ ਜੋੜ ਕੇ ਅਹਿਮ ਟਿੱਪਣੀਆਂ ਕੀਤੀਆਂ। ਇੱਕ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਮਨੁੱਖ ਆਪਣੀਆਂ ਪੰਜ ਗਿਆਨ ਇੰਦਰੀਆਂ ਦਾ ਗੁਲਾਮ ਜੀਵ ਹੈ। ਇਹੋ ਗੁਲਾਮੀ ਮਨੁੱਖ ਨੂੰ ਤੰਦਰੁਸਤੀ ਤੋਂ ਦੂਰ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੰਮ-ਕਾਜ ਦੇ ਢੰਗ ਬਾਰੇ ਚੇਤੰਨ ਹੋਣ ਦੀ ਲੋੜ ਹੈ। ਕਦੇ ਵੀ ਨਾ ਪੂਰੀਆਂ ਹੋਣ ਵਾਲ਼ੀਆਂ ਫਾਲਤੂ ਦੀ ਇੱਛਾਵਾਂ ਦੀ ਪੂਰਤੀ ਲਈ ਗ਼ਲਤ ਜੀਵਨ ਸ਼ੈਲੀ ਨੂੰ ਅਪਣਾ ਲੈਣਾ ਸਾਨੂੰ ਰੋਗੀ ਬਣਾ ਦਿੰਦਾ ਹੈ। ਮਨ ਦੀ ਸ਼ਾਂਤੀ ਨੂੰ ਦਾਅ ਉੱਤੇ ਲਗਾ ਕੇ ਕੀਤਾ ਗਿਆ ਕੰਮ ਕਾਜ ਕਦੇ ਵੀ ਮਨੁੱਖ ਦੇ ਹਿਤ ਵਿੱਚ ਨਹੀਂ ਹੁੰਦਾ। ਜਿਵੇਂ ਜਿਵੇਂ ਮਨੁੱਖ ਦੀ ਜਿ਼ੰਦਗੀ ਕੁਦਰਤੀ ਜਿਉਣ ਢੰਗ ਤੋਂ ਦੂਰ ਜਾ ਰਹੀ ਹੈ ਓਵੇਂ ਓਵੇਂ ਮਨੁੱਖ ਰੋਗਾਂ ਦੇ ਜਾਲ਼ ਵਿੱਚ ਫਸਦਾ ਜਾ ਰਿਹਾ ਹੈ।
  • 2024/01/09, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਯੂਨੀਵਰਸਿਟੀ ਵਿੱਚ ਸਥਾਪਿਤ ਵੱਖ-ਵੱਖ ਫ਼ੈਕਲਟੀਆਂ ਨਾਲ ਸੰਬੰਧਿਤ ਡੀਨ ਅਤੇ ਇਹਨਾਂ ਫ਼ੈਕਲਟੀਆਂ ਨਾਲ ਸੰਬੰਧਿਤ ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਦੀ ਪਲੇਠੀ ਇਕੱਤਰਤਾ ਆਯੋਜਿਤ ਕਰਵਾਈ ਗਈ। ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਦੇ ਲਗਪਗ 37 ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਨੇ ਭਾਗ ਲਿਆ। ਉਹਨਾਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਬਣਾਈਆਂ ਨੀਤੀਆਂ ਨੂੰ ਆਪਣੇ ਵਿਭਾਗ ਵਿਖੇ ਪਹੁੰਚਾਉਣ ਲਈ ਆਪਣਾ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਇਕੱਤਰਤਾ ਦੇ ‘ਸਵਾਗਤੀ ਸ਼ਬਦ’ ਆਖਦਿਆਂ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇਸ ਇਕੱਤਰਤਾ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਹੋ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਲਗਪਗ ਸਾਰੇ ਵਿਭਾਗ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਇਕੱਤਰਤਾ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੇ ‘ਪੰਜਾਬੀ ਪ੍ਰਤਿਨਿਧਾਂ’ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਤਲਾਸ਼ੇਗਾ।
  • 2024/01/09, ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਪ੍ਰੋ. ਅਮਰਦੀਪ ਸਿੰਘ ਨੇ ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਸਮੇਂ ਉਪ-ਕੁਲਪਤੀ ਪ੍ਰੋ. ਅਰਵਿੰਦ ਮੌਕੇ ਉੱਤੇ ਪੁੱਜੇ। ਪ੍ਰੋ. ਅਰਵਿੰਦ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਲਵੇ ਦੇ ਪੇਂਡੂ ਖੇਤਰਾਂ ਤੱਕ ਉਚੇਰੀ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ਼ ਸ਼ੁਰੂ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਇਹ ਕਾਂਸਟੀਚੁਐਂਟ ਕਾਲਜ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ਉੱਤੇ ਇਨ੍ਹਾਂ ਕਾਲਜਾਂ ਰਾਹੀਂ ਮਿਆਰੀ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਅਮਰਦੀਪ ਸਿੰਘ ਇੰਜਨੀਅਰਿੰਗ ਖੇਤਰ ਨਾਲ਼ ਸੰਬੰਧਤ ਹਨ, ਇਸ ਲਈ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਕਾਲਜਾਂ ਦੀ ਬਿਹਤਰੀ ਲਈ ਨਵੇਂ ਪੱਖਾਂ ਤੋਂ ਵੀ ਕਾਰਜਸ਼ੀਲ ਰਹਿਣਗੇ।
  • 2024/01/07, ਲਸਣ ਅਤੇ ਪਿਆਜ ਵਿਚਲੇ ਚਕਿਤਸਕ (ਮੈਡੀਕਲ) ਗੁਣਾਂ ਜਾਂ ਪੈਦਾਵਾਰ ਨੂੰ ਵਧਾਉਣ ਹਿਤ ਇਨ੍ਹਾਂ ਦੀ ਖੇਤੀ ਕਰਨ ਸਮੇਂ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣੇ ਲੋੜੀਂਦੇ ਹਨ; ਇਸ ਸੰਬੰਧੀ ਤੱਥ ਖੋਜਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਖੋਜ ਅਧੀਨ ਵੱਖ-ਵੱਖ ਪ੍ਰਯੋਗ ਕੀਤੇ ਗਏ। ਯੂਨੀਵਰਸਿਟੀ ਦੇ ਫਾਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵਿਖੇ ਡਾ. ਰਿਚਾ ਸ੍ਰੀ ਅਤੇ ਡਾ. ਗੁਲਸ਼ਨ ਬਾਂਸਲ ਦੀ ਨਿਗਰਾਨੀ ਤਹਿਤ ਖੋਜਾਰਥੀ ਹੁਰਮਤ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਇਨ੍ਹਾਂ ਦੋਹਾਂ ਫ਼ਸਲਾਂ ਦੀ ਬਿਜਾਈ ਅਤੇ ਪਾਲਣ ਪੋਸ਼ਣ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕੀਤੇ ਗਏ।
  • 2024/01/06, ਪੰਜਾਬੀ ਯੂਨਵਰਸਿਟੀ ਦੇ ਅਥਲੀਟ ਸਾਗਰ ਨੇ ਤਾਮਿਲਨਾਡੂ ਸਪੋਰਟਸ ਯੂਨੀਵਰਸਿਟੀ ਚੇਨਈ ਵਿਖੇ ਚਲ ਰਹੀ 'ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ 2023-24' ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਗਰ ਨੇ ਇਹ ਪ੍ਰਾਪਤੀ 72.97 ਮੀਟਰ ਦੇ ਫ਼ਾਸਲੇ ਉੱਤੇ ਜੈਵਲਿਨ ਸੁੱਟ ਕੇ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਗਰ ਨੇ ਆਪਣੀ ਇਸ ਪ੍ਰਾਪਤੀ ਨਾਲ਼ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ' ਵਿੱਚ ਹਿੱਸਾ ਲੈਣ ਲਈ ਵੀ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਖ਼ਿਡਾਰੀ ਅਤੇ ਉਸ ਦੇ ਕੋਚ ਧਰਮਿੰਦਰਪਾਲ ਸਿੰਘਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ।
  • 2024/01/01, ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ ਵਾਜਿਬ ਮੰਗਾਂ ਲਈ ਬਜ਼ਿੱਦ ਮੁੱਖ ਗੇਟ ਉੱਤੇ ਬੈਠੇ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਅਤੇ ਅਢੁਕਵੇਂ ਵਤੀਰੇ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੂਨੀਵਰਸਿਟੀ ਵਿਖੇ ਪੜ੍ਹਨ-ਪੜ੍ਹਾਉਣ ਦੇ ਮਾਹੌਲ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਇਹਤਿਆਤੀ ਕਦਮ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਨਾਲ਼ ਵਾਰ-ਵਾਰ ਗੱਲਬਾਤ ਕੀਤੀ ਗਈ ਸੀ। ਗੱਲਬਾਤ ਦੌਰਾਨ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਕਾਨੂੰਨ ਅਨੁਸਾਰ ਜੋ ਵੀ ਲਾਭ ਉੱਚਿਤ ਹੋਵੇਗਾ ਉਹ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇਗਾ। ਉਹਨਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਕਾਨੂੰਨੀ ਤੌਰ ਉੱਤੇ ਗ਼ੈਰ-ਵਾਜਬ ਹਨ। ਨਾਲ਼ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੁਰੱਖਿਆ ਸੰਬੰਧੀ ਸੇਵਾਵਾਂ ਕਿਸੇ ਵੀ ਅਦਾਰੇ ਦੀਆਂ ਲਾਜ਼ਮੀ ਸੇਵਾਵਾਂ ਵਾਲ਼ੀ ਸ਼ਰੇਣੀ ਵਿੱਚ ਆਉਂਦੀਆਂ ਹਨ। ਇਸ ਲਈ ਇਹ ਸੇਵਾਵਾਂ ਹਰ ਹਾਲਤ ਵਿੱਚ ਜਾਰੀ ਰਹਿਣੀਆਂ ਲਾਜ਼ਮੀ ਹੁੰਦੀਆਂ ਹਨ। ਸੁਰੱਖਿਆ ਸੇਵਾਵਾਂ ਦੇ ਇਸ ਖਾਸੇ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਬੇਸ਼ੱਕ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹਿਣ ਪਰ ਨਾਲ਼ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਆਪਣਾ ਕੰਮ ਕਾਜ ਵੀ ਜਾਰੀ ਰੱਖਣ ਤਾਂ ਕਿ ਅਦਾਰੇ ਨੂੰ ਸੁਰੱਖਿਆ ਪੱਖੋਂ ਕਿਸੇ ਵੀ ਕਿਸਮ ਦੇ ਖਦਸ਼ੇ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਮਜ਼ਬੂਰੀਵੱਸ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਸੀ।

ਯੂਨੀਵਰਸਿਟੀ ਬੁਨਿਆਦੀ ਢਾਂਚਾ

ਪੰਜਾਬੀ ਭਾਸ਼ਾ ਲਈ ਪਹਿਲਕਦਮੀਆਂ

ਲਾਇਬ੍ਰੇਰੀ

ਖੇਡ ਨਿਰਦੇਸ਼ਾਲਾ

ਵਿਦਿਆਰਥੀ ਆਵਾਸ

ਪ੍ਰਬੰਧਕੀ ਪੁੱਛਗਿੱਛ

0175-5136366

ਦਾਖਲਿਆਂ ਸੰਬੰਧੀ ਪੁੱਛਗਿੱਛ

0175-5136522

+91-8264256390

ਪ੍ਰੀਖਿਆਵਾਂ ਸੰਬੰਧੀ ਪੁੱਛਗਿੱਛ

0175-5136370

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਿੰਕ :9501200200